ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਆਈ.ਸੀ.ਯੂ. ‘ਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ-ਸਰਕਟ ਨਾਲ ਅਚਾਨਕ ਸਪਾਰਕਿੰਗ ਹੋਣ ਨਾਲ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਅੱਗ ਲੱਗਣ ਦੀ ਸੂਰਤ ‘ਚ ਇਸ ਵਾਰਡ ‘ਚ ਦਾਖ਼ਲ ਮਰੀਜ਼ਾਂ ‘ਚ ਸਹਿਮ ਦਾ ਮਾਹੌਲ ਬਣ ਗਿਆ, ਪ੍ਰੰਤੂ ਹਸਪਤਾਲ ਦੇ ਅਮਲੇ ਵਲੋਂ ਵਿਖਾਈ ਗਈ ਚੁਸਤੀ ਸਦਕਾ ਇਸ ਵਾਰਡ ਦੇ ਸਾਰੇ ਹੀ ਮਰੀਜ਼ਾਂ ਨੂੰ ਸੁਰੱਖਿਅਤ ਰੂਪ ‘ਚ ਦੂਸਰੇ ਆਈ.ਸੀ.ਯੂ. ਵਿਚ ਤਬਦੀਲ ਕਰਕੇ ਥੋੜ੍ਹੀ ਦੇਰ ਬਾਅਦ ਹੀ ਸਥਿਤੀ ‘ਤੇ ਕਾਬੂ ਪਾ ਲਿਆ ਗਿਆ।
ਇਸ ਦੀ ਪੁਸ਼ਟੀ ਕਰਦਿਆਂ ਡਾ. ਸੁਲੇਖ ਮਿੱਤਲ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਪਰ ਇਸ ਦੀ ਖ਼ਬਰ ਮਿਲਦਿਆਂ ਹੀ ਉਹ ਮੌਕੇ ‘ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਵਾਰਡ ‘ਚ ਧੂੰਆਂ ਜ਼ਿਆਦਾ ਹੋਣ ਕਾਰਨ ਮਰੀਜ਼ ਘਬਰਾ ਗਏ ਸਨ ਪਰ ਹੁਣ ਸਥਿਤੀ ਕੰਟਰੋਲ ਹੇਠ ਹੈ।








