
ਗੈਂਗਸਟਰਾਂ ਖਿਲਾਫ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੱਡਾ ਐਕਸ਼ਨ ਲਿਆ
ਅੱਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ ਉਤੇ ਸ਼ਿਕੰਜਾ ਕੱਸਣ ਲਈ ਸੋਮਵਾਰ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਛਾਪੇ ਖਾਸ ਤੌਰ ‘ਤੇ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਵਿੱਚ ਨਹੀਂ, ਸਗੋਂ ਗੈਂਗਸਟਰਾਂ ਵਿਰੁੱਧ ਦਿੱਲੀ ਪੁਲਿਸ ਵੱਲੋਂ ਯੂਏਪੀਏ ਐਕਟ ਤਹਿਤ ਦਰਜ ਕੀਤੀਆਂ ਐੱਫ.ਆਈ.ਆਰ. ਤਹਿਤ ਮਾਰੇ ਗਏ ਹਨ, ਜਿਨ੍ਹਾਂ ਨੂੰ ਐਨਆਈਏ ਨੂੰ ਸੌਂਪਿਆ ਗਿਆ ਸੀ।
ਐਨਆਈਏ ਦੇ ਬੁਲਾਰੇ ਨੇ ਕਿਹਾ, “ਐਨਆਈਏ ਨੇ ਸਿੱਧੂ ਮੂਸੇਵਾਲਾ ਕੇਸ ਦੀ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਐਨਆਈਏ ਨੇ ਗੈਂਗਸਟਰਾਂ ਦੇ ਨੈਟਵਰਕ ਸਬੰਧੀ ਵੱਖਰੇ ਕੇਸ ਦਰਜ ਕੀਤੇ ਹਨ, ਜਿਨ੍ਹਾਂ ਸਬੰਧੀ ਇਹ ਛਾਪੇਮਾਰੀ ਕੀਤੀ ਗਈ ਹੈ।
ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ‘ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ‘ਚ 2 ਅਤੇ ਰਾਜਸਥਾਨ ‘ਚ ਵੀ 2 ਥਾਵਾਂ ‘ਤੇ ਰੇਡ ਕੀਤੀ ਗਈ। ਦੇਸ਼ ਭਰ ‘ਚ ਕਰੀਬ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ‘ਤੇ ਐਕਸ਼ਨ ਹੋਇਆ।
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦੀ ਪਿੰਡ ਭਗਵਾਨਪੁਰ ਸਥਿਤ ਰਿਹਾਇਸ਼ ’ਤੇ ਕੇਂਦਰੀ ਜਾਂਚ ਏਜੰਸੀ ਐਨਆਈਏ ਦੇ ਇੱਕ ਟੀਮ ਨੇ ਅੱਜ ਛਾਪਾ ਮਾਰਿਆ। ਐਨਆਈਏ ਦੀ ਟੀਮ ਨੇ ਪਿੰਡ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਗੈਂਗਸਟਰ ਦੇ ਘਰ ਦੀ ਤਲਾਸ਼ੀ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਘਰ ਵਿੱਚ ਜੱਗੂ ਦੀ ਮਾਤਾ ਅਤੇ ਉਸ ਦੀ 7-8 ਸਾਲ ਦੀ ਲੜਕੀ ਹੀ ਰਹਿੰਦੀਆਂ ਹਨ।
ਜਾਣਕਾਰੀ ਅਨੁਸਾਰ ਛਾਪੇਮਾਰੀ ਸਵੇਰੇ ਕਰੀਬ ਸਵਾ 9 ਵਜੇ ਸ਼ੁਰੂ ਹੋਈ। ਪਿੰਡ ਵਿੱਚ ਹਾਲ ਦੀ ਘੜੀ 150 ਦੇ ਕਰੀਬ ਐਨਆਈਏ ਮੁਲਾਜ਼ਮ ਤਾਇਨਾਤ ਹਨ।
ਐਨਆਈਏ ਦੀ ਟੀਮ ਨੇ ਜਗਰਾਉਂ ਨੇੜਲੇ ਪਿੰਡ ਡੱਲਾ ਵਿੱਚ ਅੱਜ ਸਵੇਰੇ ਛਾਪਾ ਮਾਰਿਆ। ਟੀਮ ਕੈਨੇਡਾ ਰਹਿੰਦੇ ਗੁਰਪਿਆਰ ਸਿੰਘ (30) ਪੁੱਤਰ ਮਰਹੂਮ ਸੁਰਜੀਤ ਸਿੰਘ ਦੇ ਘਰ ਦੀ ਚੈਕਿੰਗ ਕਰਨੀ ਚਾਹੁੰਦੀ ਸੀ ਪਰ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ।








