
ਪੰਜਾਬ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲੱਗਾ ਦਿੱਤੀ ਹੈ। ਦਰਅਸਲ ਰਾਜਪੁਰਾ ਵਿਖੇ ਹੀ ਇੱਕ ਪੱਤਰਕਾਰ ਦੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਹਰਦਿਆਲ ਸਿੰਘ ਕੰਬੋਜ ‘ਤੇ ਸਿਆਸੀ ਰੰਜਿਸ਼ ਤਹਿਤ ਕੇਸ ਦਰਜ਼ ਕਰਵਾ ਦਿੱਤਾ ਗਿਆ ਸੀ।
ਪੰਜਾਬ-ਹਰਿਆਣਾ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਾਫ ਕਿਹਾ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਅਤੇ ਉਹ ਦੋ ਹਫ਼ਤੇ ਵਿੱਚ ਆਪਣੀ ਸਹੂਲਤ ਦੇ ਮੁਤਾਬਕ ਜਾਂਚ ਅਫ਼ਸਰ ਦੇ ਕੋਲ ਜਾ ਕੇ ਜਾਂਚ ਵਿੱਚ ਸ਼ਾਮਲ ਹੋਣ। ਇਸ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਦਰਜ ਕੀਤੇ ਇਸ ਕੇਸ ਵਿੱਚ ਕੋਈ ਜ਼ਿਆਦਾ ਵਜ਼ਨ ਨਹੀਂ ਸਮਝਿਆ ਕਿਉਂਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਨੇ 40 ਮਹੀਨੇ ਪਹਿਲਾਂ ਦਾ ਵਾਕਿਆ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਦੱਸਿਆ ਸੀ। ਪੰਜਾਬ-ਹਰਿਆਣਾ ਹਾਈਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਨਾਲ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਵੱਡੀ ਰਾਹਤ ਜ਼ਰਰ ਮਿਲੀ ਹੈ।