
ਪਨਸਪ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਆਏ
ਅੰਮ੍ਰਿਤਸਰ 3 ਮਾਰਚ (ਜਸਬੀਰ ਸਿੰਘ ਪੱਟੀ) ਪੰਜਾਬ ਸਿਵਲ ਸਪਲਾਈ ਨਾਲ ਸਬੰਧਿਤ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ( ਪਨਸਪ) ਦੀ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਪਨਸਪ ਮੁਲਾਜ਼ਮ ਯੂਨੀਅਂਨ ਦੇ ਜਿਲ਼੍ਹਾ ਪ੍ਰਧਾਨ ਸ਼ਿਵਦੇਵ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨਾ ਦਿੰਦਿਆ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਬਾਕੀ ਸਿਵਲ ਸਪਲਾਈ ਮਹਿਕਮਿਆਂ ਦੀ ਤਰ੍ਹਾਂ ਪਨਸਪ ਦੇ ਮੁਲਜ਼ਮਾਂ ਲਈ ਵੀ ਛੇਵੇ ਪੇ ਕਮਿਸ਼ਂਨ ਦੀਆਂ ਸਿਫਾਰਸਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇ।
ਜਿਲ੍ਹਾ ਪ੍ਰਧਾਨ ਸ਼ਿਵਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੇ ਗਏ ਰੋਸ ਮੁਜਾਹਰੇ ਨੂੰ ਸੰਬੌਧਨ ਕਰਦਿਆ ਸ਼ਿਵਦੇਵ ਸਿੰਘ ਨੇ ਕਿਹਾ ਕਿ ਪਨਸਪ ਅਦਾਰਾ ਸਰਕਾਰ ਦਾ ਕਮਾਈ ਵਾਲਾ ਅਦਾਰਾ ਹੈ ਜਿਸ ਦੇ ਮੁਲਾਜ਼ਮ ਦਿਨ ਰਾਤ ਮਿਹਨਤ ਕਰਕੇ ਅਦਾਰੇ ਤੇ ਲੋਕਾਂ ਦੀ ਸੇਵਾ ਕਰਦੇ ਹਨ ਫਿਰ ਵੀ ਸਰਕਾਰਾਂ ਕਿਊ ਕੁੰਭਕਰਨੀ ਨੀਂਦ ਸੁੱਤੀਆਂ ਰਹਿੰਦੀਆ ਹਨ ਇਸ ਦੀ ਕੋਈ ਜਾਣਕਾਰੀ ਨਹੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਸਮੇਂ ਕਹਿੰਦੇ ਸਨ ਕਿ ਆਪ ਦੀ ਸਰਕਾਰ ਹੋਂਦ ਵਿੱਚ ਆਉਣ ‘ਤੇ ਕੋਈ ਧਰਨਾ ਮੁਜਾਹਰਾ ਹੋਵੇਗਾ ਪਰ ਅੱਜ ਪੰਜਾਬ ਦੀ ਕੋਈ ਸੜਕ ਅਜਿਹੀ ਨਹੀ ਜਿਥੇ ਮੁਲਾਜ਼ਮ ਸੜਕਾਂ ਨਾ ਮੱਲੀ ਬੈਠੇ ਹੋਣ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ ਤੇ ਸੰਘਰਸ਼ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਜਿੰਮੇਵਾਰੀ ਹੋਵੇਗੀ। ਧਰਨਾ ਦੇਣ ਉਪਰੰਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗਾਂ ਸਬੰਧੀ ਇੱਕ ਪੱਤਰ ਵੀ ਦਿੱਤਾ ਗਿਆ। ਇਸੇ ਤਰ੍ਹਾਂ ਡੀ ਐਮ, ਐਫ ਸੀ ਆਈ ਨੂੰ ਇੱਕ ਪੱਤਰ ਦੇ ਕੇ ਹੜਤਾਲ ਸਬੰਧੀ ਜਾਣਕਾਰੀ ਦਿੱਤੀ ਗਈ ।








