ਪੰਜਾਬ ਵਿਚ ਇਕੱਠੇ ਚੋਣ ਲੜੇਗੀ AAP-ਕਾਂਗਰਸ – ਹਰਪਾਲ ਚੀਮਾ
ਇੰਡੀਅਨ ਨੈਸ਼ਨਲ ਡਵੈੱਲਪਮੈਂਟ ਇੰਕਲੂਸਿਵ ਅਲਾਇੰਸ ਦੀ ਦੋ ਗੇੜ ਦੀ ਬੈਠਕ ਤੋਂ ਬਾਅਦ ਹੁਣ ਤਸਵੀਰ ਸਪਸ਼ਟ ਹੋਣ ਲੱਗੀ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਲੋਕ ਸਭਾ ਚੋਣ ਲੜਨਗੇ। ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਵੀ ਇਹ ਸੰਕੇਤ ਦੇ ਦਿੱਤੇ ਹਨ। ਪਾਰਟੀ ਹਾਈਕਮਾਨ ਦੇ ਸਾਹਮਣੇ ਪੰਜਾਬ ਕਾਂਗਰਸ ਦੇ ਆਗੂਆਂ ਦੀ ਇਕ ਵੀ ਨਹੀਂ ਚੱਲੀ। ਕਾਂਗਰਸ ਨੇ ਸੀਟਾਂ ਨੂੰ ਵੀ ਚਿੰਨ੍ਹਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਂਕਿ ਜਦੋਂ ਸੀਟ ਬਟਵਾਰੇ ਦੀ ਗੱਲ ਆਵੇ ਤਾਂ ਉਹ ਆਪਣਾ ਪੱਖ ਰੱਖ ਸਕਣ।
ਪੰਜਾਬ ਕਾਂਗਰਸ ਦੇ ਨੇਤਾ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਖ਼ਿਲਾਫ਼ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਜ਼ਿਆਦਾ ਇਸਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਨੇ ਤਾਂ ਪਾਰਟੀ ਦੇ ਮੰਚ ਤੋਂ ਇਹ ਵੀ ਕਹਿ ਦਿੱਤਾ ਸੀ ਕਿ ਉਹ ‘ਆਪ’ ਆਗੂਆਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ। ਜਦਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮਾਮਲੇ ਨੂੰ ਲੈ ਕੇ ਸ਼ਾਂਤ ਸਨ। ਵੜਿੰਗ ਨੇ ਦਿੱਲੀ ’ਚ ਅਧਿਕਾਰੀਆਂ ਦੇ ਤਬਾਦਲੇ ਪੋਸਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਦਾ ਵਿਰੋਧ ਨਾ ਕਰਨ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ ਪਰ ਬਾਅਦ ’ਚ ਉਹ ਵੀ ਹਾਈਕਮਾਨ ਦੇ ਰੁਖ਼ ਨੂੰ ਦੇਖਦੇ ਹੋਏ ਸ਼ਾਂਤ ਹੋ ਗਏ ਸਨ। ਹਾਲਾਂਕਿ ਬਾਜਵਾ ਲਗਾਤਾਰ ਇਸਦਾ ਵਿਰੋਧ ਕਰਦੇ ਰਹੇ ਸਨ, ਪਰ ਨਾ ਸਿਰਫ਼ ਕਾਂਗਰਸ ਨੇ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਬਲਕਿ ਪੰਜਾਬ ਤੇ ਦਿੱਲੀ ਕਾਂਗਰਸ ਦੇ ਆਗੂਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਵੀ ਕੀਤਾ। ਇਸੇ ਕ੍ਰਮ ’ਚ ਦਿੱਲੀ ’ਚ ‘ਆਪ’ ਨਾਲ ਸਮਝੌਤਾ ਕਰਨ ਦਾ ਵਿਰੋਧ ਕਰਨ ਵਾਲੇ ਸੂਬਾ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਨੂੰ ਹਟਾ ਕੇ ਅਰਵਿੰਦਰ ਸਿੰਘ ਲਵਲੀ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ।
ਜਾਣਕਾਰੀ ਮੁਤਾਬਕ ਹਾਈਕਮਾਨ ਨੇ ਪਿਛਲੇ ਦਿਨੀਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਮਝੌਤੇ ਦੇ ਸੰਕੇਤ ਦਿੱਤੇ ਸਨ। ਕਿਉਂਕਿ ਬਾਜਵਾ ਕਦੀ ਵੀ ‘ਆਪ’ ਨਾਲ ਸਮਝੌਤੇ ਦੇ ਹੱਕ ’ਚ ਨਹੀਂ ਸਨ। ਇਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਂਗਰਸ ਨਾਲ ਸਮਝੌਤੇ ਦੇ ਸੰਕੇਤ ਦਿੱਤੇ ਹਨ। ਦੈਨਿਕ ਜਾਗਰਣ ਵੱਲੋਂ ਕੀਤੀ ਗਈ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਪੱਧਰ ਜਾਂ ਫਾਰਮੂਲੇ ’ਤੇ ਕੋਈ ਗੱਲਬਾਤ ਨਹੀਂ ਹੋਈ ਹੈ।
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਪੰਜਾਬ ਵਿਚ ਆਪ ਅਤੇ ਕਾਂਗਰਸ ਮਿਲ ਕੇ ਲੜੇਗੀ। ਉਹਨਾਂ ਨੇ ਕਿਹਾ ਕਿ ਛੋਟੇ ਵਖਰੇਵੇਂ ਪਾਸੇ ਰੱਖ ਕੇ ਵੱਡੇ ਮਕਸਦ ਨਾਲ INDIA ਦਾ ਗਠਜੋੜ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਭਾਜਪਾ ਤੋਂ ਲੋਕਾਂ ਨੂੰ ਬਚਾਉਣਾ ਹੈ ਤੇ ਇਸ ਦੇ ਲਈ ਉਹ ਕੁੱਝ ਵੀ ਕਰਨਗੇ।