
ਵਰਿੰਦਰ ਪ੍ਰਤਾਪ ਸਿੰਘ ਉਰਫ ਕਾਲਾ ਰਾਣਾ, ਜੋਕਿ ਪੇਸ਼ੇ ਵਜੋਂ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਦੇ ਸਿੰਡੀਕੇਟ ਦਾ ਮੈਂਬਰ ਹੈ ਤੇ ਉਸ ‘ਤੇ ਕਤਲ, ਡਕੈਤੀ, ਫਿਰੌਤੀ ਦੀ ਮੰਗ ਅਤੇ ਜਬਰੀ ਵਸੂਲੀ ਵਰਗੇ ਕਈ ਦੋਸ਼ ਹਨ। ਕੁਝ ਸਾਲਾਂ ਵਿਚ ਹੀ ਅਪਰਾਧ ਦੀ ਦੁਨੀਆ ਵਿਚ ਆਪਣਾ ਨਾਂ ਸਿੱਕਾ ਚਲਾਉਣ ਵਾਲਾ ਕਾਲਾ ਰਾਣਾ ਹੁਣ ਗੋਡਿਆਂ ਭਾਰ ਆ ਗਿਆ ਹੈ।

ਕਾਲਾ ਰਾਣਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਨਾ ਸਿਰਫ਼ ਆਪਣੇ ਗੁਨਾਹ ਦੀ ਕਹਾਣੀ ਬਿਆਨ ਕਰ ਰਿਹਾ ਹੈ, ਸਗੋਂ ਆਪਣੇ ਆਪ ਨੂੰ ਗੰਦਾ ਦੱਸਦੇ ਹੋਏ ਮੁਆਫ਼ੀ ਵੀ ਮੰਗ ਰਿਹਾ ਹੈ, ਹਾਲਾਂਕਿ ਇਹ ਵੀਡੀਓ ਕਿੱਥੇ ਤੇ ਕਦੋਂ ਦਾ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਵੀਡੀਓ ‘ਚ ਗੈਂਗਸਟਰ ਕਾਲਾ ਰਾਣਾ ਕੰਨ ਫੜ ਕੇ ਬੈਠਕਾਂ ਕੱਢ ਰਿਹਾ ਹੈ। ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਮੇਰਾ ਨਾਮ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਹੈ। ਮੈਂ 2012 ਵਿੱਚ ਅਪਰਾਧ ਸ਼ੁਰੂ ਕੀਤਾ ਸੀ। ਕਈ ਬੇਕਸੂਰਾਂ ਦਾ ਕਤਲ ਅਤੇ ਕਈ ਲੋਕਾਂ ਤੋਂ ਫਿਰੌਤੀ ਦੀ ਵਸੂਲੀ। ਮੈਨੂੰ ਮਾਫ਼ ਕਰ ਦਿੱਤਾ ਜਾਏ। ਮੈਂ ਇੱਕ ਗੰਦਾ ਆਦਮੀ ਹਾਂ। ਕਾਲਾ ਰਾਣਾ ਦੇ ਕਬੂਲਨਾਮੇ ਦਾ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ।








