
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੁਝ ਹੋਰ ਅਹਿਮ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪਟਵਾਰੀ ਰੱਖੇ ਜਾਣਗੇ ਤੇ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਿਆ ਜਾਵੇਗਾ।ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸ਼ਿਕਾਇਤਾਂ ਮਿਲਣ ਰਹੀਆਂ ਹਨ ਕਿ ਕਈ ਪਟਵਾਰੀਆਂ ਨੇ ਅੱਗੋਂ ਪਟਵਾਰ ਦਾ ਕੰਮ ਕਰਨ ਲਈ ਬਹੁਤ ਘੱਟ ਤਨਖ਼ਾਹਾਂ ’ਤੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ ਅਤੇ ਆਪ ਇਹ ਲੋਕ ਪ੍ਰਾਈਵੇਟ ਧੰਦਾ ਕਰ ਰਹੇ ਹਨ ਅਤੇ ਦਫ਼ਤਰਾਂ ਵਿੱਚ ਹਾਜ਼ਰ ਨਹੀਂ ਹੁੰਦੇ।
ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ 741 ਅੰਡਰ ਟਰੇਨਿੰਗ ਪਟਵਾਰੀ ਜਿਨ੍ਹਾਂ ਦੀ ਟਰੇਨਿੰਗ 18 ਮਹੀਨਿਆਂ ਦੀ ਹੁੰਦੀ ਹੈ ਅਤੇ ਜਿਹੜੇ ਲਗਪਗ 15 ਮਹੀਨੇ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਫ਼ੀਲਡ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਟਵਾਰ ਦਾ ਟੈੱਸਟ ਪਾਸ ਕਰ ਚੁੱਕੇ 710 ਉਮੀਦਵਾਰਾਂ ਨੂੰ ਪਟਵਾਰੀ ਵਜੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਟਵਾਰੀਆਂ ਦੀਆਂ 586 ਪੋਸਟਾਂ ਹੋਰ ਕੱਢ ਰਹੀ ਹੈ ਜਿਸਦੇ ਪੇਪਰ ਲੈਣ ਉਪਰੰਤ ਭਰਤੀ ਕੀਤੀ ਜਾਵੇਗੀ। ਇਹ ਭਰਤੀ ਮੈਰਿਟ ਦੇ ਆਧਾਰ ’ਤੇ ਹੋਵੇਗੀ। ਇਸ ਦੇ ਨਾਲ ਹੀ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਨ ਦਾ ਭਰੋਸਾ ਦਿੱਤਾ।
ਬਾਇਉਮੀਟਰਿਕ ਨਾਲ ਲੱਗਿਆ ਕਰੇਗੀ ਪਟਵਾਰੀਆਂ ਦੀ ਹਾਜ਼ਰੀ
ਇਸ ਤੋਂ ਇਲਾਵਾ ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਹੁਣ ‘ਬਾਇਉਮੀਟਰਿਕ’ ਕੀਤੀ ਜਾ ਰਹੀ ਹੈ ਭਾਵ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ ਵੇਲੇ ਅਤੇ ਜਾਣ ਵਾਲੇ ਆਪਣੇ ਅੰਗੂਠੇ ਨਾਲ ਮਸ਼ੀਨ ਰਾਹੀਂ ਹਾਜ਼ਰੀ ਲਾਉਣੀ ਪਵੇਗੀ।









