ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਨਾਲ ਮੀਟਿੰਗ ਮਗਰੋਂ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖ਼ੁਸ਼ਨੁਮਾ ਮਾਹੌਲ ‘ਚ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਰੇਲਵੇ ਟਰੈਕ ਤਾਂ ਉਨ੍ਹਾਂ ਨੇ ਖ਼ਾਲੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮੇਨ ਹਾਈਵੇਅ ਵੀ ਜਲਦੀ ਹੀ ਕਿਸਾਨਾਂ ਵੱਲੋਂ ਖ਼ਾਲੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਦਾ ਸਭ ਤੋਂ ਗੰਨੇ ਦਾ ਰੇਟ 380 ਰੁਪਏ ਪ੍ਰਤੀ ਕੁਇੰਟਲ ਸੀ।
ਕਿਸਾਨਾਂ ਦੇ ਧਰਨੇ ਵਿਚਾਲੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਛੇਤੀ ਹੀ ਕਿਸਾਨਾਂ ਨੂੰ ਗੰਨੇ ਦੇ ਭਾਅ ਨੂੰ ਲੈ ਕੇ ਖ਼ੁਸ਼ਖਬਰੀ ਮਿਲੇਗੀ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 700 ਕਰੋੜ ਰੁਪਇਆ ਸ਼ੂਗਰ ਮਹਿਕਮੇ ਦਾ ਕਰਜ਼ਾ ਮੋੜਿਆ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਛੱਡਿਆ ਗਿਆ ਸੀ। ਸਿਰਫ਼ 2 ਮਿੱਲਾਂ ਨੇ ਕਿਸਾਨਾਂ ਦੇ ਪੈਸੇ ਦੇਣੇ ਹਨ ਉਹ ਵੀ ਛੇਤੀ ਹੀ ਲਏ ਜਾਣਗੇ। ਫਗਵਾੜਾ ਮਿੱਲ ਦੇ ਮਾਲਕ ਉੱਤੇ ਪਰਚਾ ਹੋਇਆ ਤੇ ਪ੍ਰਾਪਰਟੀ ਵੀ ਅਟੈਚ ਕੀਤੀ ਗਈ ਹੈ ਜਿਸ ਨੂੰ ਵੇਚ ਕੇ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਰੇਲ ਰੋਕਣਾ ਜਾਂ ਫਿਰ ਸੜਕ ਰੋਕਣ ਦੇ ਟਰੈਂਡ ਨੂੰ ਖ਼ਤਮ ਕਰਨ ਬਾਰੇ ਅੱਜ ਗੱਲਬਾਤ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਭਵਿੱਖ ‘ਚ ਨਹੀਂ ਆਉਣੀ ਚਾਹੀਦੀ ਕਿਉਂਕਿ ਗੱਲ ਕਰਨ ਦੇ ਹੋਰ ਬਹੁਤ ਸਾਰੇ ਮਾਧਿਅਮ ਹਨ।
ਜੇਕਰ ਕੋਈ ਇਹ ਸੋਚਦਾ ਹੈ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ ਤਾਂ ਇਹ ਗੱਲ ਚੰਗੀ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਇਸ ਗੱਲ ‘ਤੇ ਸਹਿਮਤ ਹੋਈਆਂ ਹਨ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਹਨ, ਉਹ ਭਵਿੱਖ ‘ਚ ਨਹੀਂ ਆਉਣੀਆਂ ਚਾਹੀਦੀਆਂ।