ਸਮਰਾਲਾ ਦੀ ਜੋਗੀ ਪੀਰ ਗਊਸ਼ਾਲਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ। ਲੁਧਿਆਣਾ ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਦੇ ਨਾਲ ਨਾਲ ਤੂੜੀ ਦੇ ਸੈਂਪਲ ਵੀ ਲਏ। ਮੌਕੇ ‘ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗਾਂਵਾਂ ਦੀ ਹੋਈ ਮੌਤ ਦੀ ਸੱਚਾਈ ਜਾਣਨ ਲਈ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ।
ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ। ਸਵੇਰੇ ਦੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ। ਜਿਸਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ। ਗਊਸ਼ਾਲਾ ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਊਆਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਇਸ ਮਗਰੋਂ ਇੱਕ ਟੀਮ ਆਈ ਜਿਸਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ। ਚਾਰੇ ਚ ਕੋਈ ਜ਼ਹਿਰੀਲੀ ਚੀਜ਼ ਹੋਣਾ ਪਾਇਆ ਗਿਆ ਹੈ। ਮੈਨੇਜਰ ਅਨੁਸਾਰ ਇਹ ਚਾਰਾ ਦੁਧਾਰੂ ਗਊਆਂ ਨੂੰ ਨਹੀਂ ਪਾਇਆ ਗਿਆ ਸੀ ਜਿਸ ਕਰਕੇ ਬਾਕੀ ਗਊਆਂ ਬਚ ਗਈਆਂ।
ਇਸ ਘਟਨਾ ਮਗਰੋਂ ਗਊਸ਼ਾਲਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਘਟਨਾ ਦੀ ਸੱਚਾਈ ਜਾਣਨ ਲਈ ਪੜਤਾਲ ਹੋਣੀ ਚਾਹੀਦੀ ਹੈ। ਆਖਰ ਜ਼ਹਿਰੀਲਾ ਚਾਰਾ ਕਿਵੇਂ ਗਊਸ਼ਾਲਾ ਤੱਕ ਪੁੱਜਾ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਗਊਸ਼ਾਲਾਵਾਂ ਅੰਦਰਲੇ ਪ੍ਰਬੰਧਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ।








