ਭਾਰਤੀ ਜਨਤਾ ਪਾਰਟੀ ਇਸ ਵੇਲੇ ਕੌਮੀ ਪੱਧਰ ‘ਤੇ ਕਾਫੀ ਮਜਬੂਤੀ ਨਾਲ ਕੰਮ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੜ੍ਹਤ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਕਾਫੀ ਉੱਚੇ ਗਰਾਫ ਵਾਲੀ ਹੈ।ਮੋਦੀ “ਹਾਉਦੀ ਮੋਦੀ” ਵਰਗੇ ਸਮਾਗਮ ਉਹਨਾਂ ਦੇਸ਼ਾਂ ਵਿੱਚ ਜਾ ਕੇ ਵੀ ਕਰ ਚੁੱਕੇ ਹਨ ਜਿਹਨਾਂ ਦੇਸ਼ਾਂ ਨੇ ਮੋਦੀ ਨੂੰ 2002 ਦੇ ਗੁਜਰਾਤ ਵਿੱਚ ਹੋਏ ਮੁਸਲਿਮ ਕਤਲੇਆਮ ਤੋਂ ਬਾਅਦ ਵੀਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।2005 ਵਿੱਚ ਜਦੋਂ ਅਮਰੀਕਾ ਦੀ ਹਾਈ ਕਮਿਸ਼ਨਰ ਅੰਮ੍ਰਿਤਸਰ ਵਿੱਚ ਆਈ ਤਾਂ ਉਸ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਆਪ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਦੇਵੇਗੇ ਕਿਉਕਿ ਪਹਿਲਾਂ ਹੀ ਅਮਰੀਕਾ ਸਰਕਾਰ ਮੋਦੀ ਨੂੰ ਵੀਜ਼ਾ ਦੇਣ ਦੇ ਮੂੜ ਵਿੱਚ ਨਹੀਂ? ਉਸ ਸਮੇਂ ਹਾਈ ਕਮਿਸ਼ਨਰ ਮਹਿਲਾ ਕੋਲ ਕੋਈ ਜਵਾਬ ਨਹੀਂ ਸੀ ਪਰ ਕੋਲ ਹੀ ਬੈਠੀ ਡਿਪਟੀ ਹਾਈ ਕਮਿਸ਼ਨਰ ਨੇ ਇਹ ਕਹਿ ਸਫਾਈ ਦਿੱਤੀ ਕਿ ਮੋਦੀ ਨੇ ਅਪਲਾਈ ਹੀ ਨਹੀਂ ਕੀਤਾ ਜਦੋਂ ਅਪਲਾਈ ਕਰਨਗੇ ਤਾਂ ਫਿਰ ਵਿਚਾਰ ਕੀਤੀ ਜਾਵੇਗੀ।
ਅੱਜ ਪ੍ਰਧਾਨ ਮੰਤਰੀ ਮੋਦੀ ਦੀ ਭਾਰਤ ਵਿੱਚ ਹੀ ਨਹੀਂ ਕਈ ਦੇਸ਼ਾਂ ਵਿੱਚ ਤੂਤੀ ਬੋਲਦੀ ਹੈ ਤੇ ਪ੍ਰਧਾਨ ਮੰਤਰੀ ਬਨਣ ਉਪਰੰਤ ਉਹਨਾਂ ਨੇ ਪਹਿਲਾਂ ਕੰਮ ਹੀ ਇਹ ਕੀਤਾ ਕਿ ਵੱਖ ਵੱਖ ਦੇਸ਼ਾਂ ਦਾ ਦੌਰਾ ਸ਼ੁਰੂ ਕਰ ਦਿੱਤਾ।ਵਿਰੋਧੀ ਪਾਰਟੀਆਂ ਤਾਂ ਇਥੋਂ ਤੱਕ ਟਿੱਪਣੀਆਂ ਕਰ ਰਹੀਆਂ ਸਨ ਕਿ ਮੋਦੀ ਸਪੱਸ਼ਟ ਕਰਨ ਕਿ ਉਹ ਪ੍ਰਧਾਨ ਮੰਤਰੀ ਭਾਰਤ ਦੇ ਹਨ ਜੇ ਕਿਸੇ ਹੋਰ ਦੇਸ਼ ਦੇ ਹਨ ਪਰ ਮੋਦੀ ਜੀ ਉਪਰ ਕੋਈ ਅਸਰ ਨਹੀਂ ਸੀ।
ਗੁਜਰਾਤ ਵਿੱਚ ਜਿਸ ਬਹੁ ਸੰਮਤੀ ਨਾਲ ਮੋਦੀ ਨੇ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ ਉਹ ਵੀ ਬੇਮਿਸਾਲ ਹੈ। ਮੋਦੀ ਨੇ ਚੋਣ ਦੀਆਂ ਕਈ ਯਾਤਰਾਵਾਂ ਕੀਤੀਆਂ ਤੇ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਗੁਜਰਾਤ ਵਿੱਚ ਕਾਂਗਰਸ ਨੂੰ ਖੁੱਡੇ ਲਾਉਣ ਲਈ ਭਾਜਪਾ ਨੇ ਆਪਣੀ “ਬੀ” ਟੀਮ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਰੇਖ ਵਿੱਚ ਮੇਖ ਮਾਰਨ ਲਈ ਵਰਤਿਆ ਗਿਆ।
ਗੱਲ ਕਰਦੇ ਹਾਂ ਪੰਜਾਬ ਦੀ ਜਿਸ ਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਾਂਦਾ ਹੈ ਤੇ ਕੇਂਦਰ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਪੰਜਾਬ ਵਿੱਚ ਕਿਸੇ ਤਰੀਕੇ ਨਾਲ ਆਪਣੀ ਸਰਕਾਰ ਬਣਾਈ ਜਾ ਸਕੇ।ਮੋਦੀ ਤੇ ਸ਼ਾਹ ਜਾਣਦੇ ਹਨ ਕਿ ਜੇਕਰ ਪੰਜਾਬ ਭਾਜਪਾ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਤਾਂ ਨਾਲ ਲੱਗਦੇ ਸੂਬਿਆਂ ‘ਤੇ ਕਬਜ਼ਾ ਕਰਨਾ ਵੀ ਆਸਾਨ ਹੋ ਜਾਵੇਗਾ।
ਸਿਆਸੀ ਤੌਰ ‘ਤੇ ਪੰਜਾਬ ਦੇ ਲੋਕ ਬਾਕੀ ਸੂਬਿਆਂ ਦੇ ਲੋਕਾਂ ਨਾਲੋਂ ਵਧੇਰੇ ਜਾਗਰੂਕ ਹਨ ਪਰ ਜ਼ਜ਼ਬਾਤੀ ਹੋਣ ਕਾਰਨ ਨਫਾ ਨੁਕਸਾਨ ਦਾ ਵੀ ਖਿਆਲ ਨਹੀ ਰੱਖਦੇ।ਭਾਜਪਾ ਦੀ ਨੀਤੀ ਹੈ ਕਿ ਦੇਸ਼ ਨੂੰ ਕਾਂਗਰਸ ਮੁਕਤ ਕਰਨਾ ਪਰ ਪੰਜਾਬ ਵਿੱਚ ਭਾਜਪਾ ਵਾਲੇ ਕਾਂਗਰਸ ਮੁਕਤ ਕਰਨ ਦੀ ਬਜਾਏ ਭਾਜਪਾ ਦਾ ਕਾਂਗਰਸੀ ਕਰਨ ਕਰੀ ਜਾ ਰਹੇ ਹਨ ਤੇ ਦਰਜਨਾਂ ਦੇ ਹਿਸਾਬ ਨਾਲ ਕਾਂਗਰਸੀਆਂ ਨੂੰ ਭਾਜਪਾ ਵਿੱਚ ਥੋਕ ਦੇ ਭਾਅ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ।ਭਾਜਪਾ ਦੇ ਟਕਸਾਲੀ ਵਰਕਰ ਕੇਂਦਰੀ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਕਾਫੀ ਖਫਾ ਨਜ਼ਰ ਆ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਜੋੜੋ ਯਾਤਰਾ ਨੂੰ ਲੈ ਕੇ 29 ਜਨਵਰੀ ਨੂੰ ਰੱਖੀ ਗਈ ਪਟਿਆਲਾ ਵਿਖੇ ਰੈਲੀ ਨੂੰ ਇਸੇ ਕਰਕੇ ਦੂਸਰੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਿਕ ਪਹਿਲਾਂ ਨੀਲੇ ਤੋ ਖੱਟੇ, ਫਿਰ ਖੱਟੇ ਤੋਂ ਚਿੱਟੇ ਤੇ ਹੁਣ ਭਗਵੇਂ ਰੰਗ ਵਿੱਚ ਰੰਗੇ ਗਏ ਮਨਪ੍ਰੀਤ ਸਿੰਘ ਬਾਦਲ ਦੀ ਦਲ ਬਦਲੂ ਨੀਤੀ ਤੋਂ ਕਈ ਭਾਜਪਾਈ ਕਾਫੀ ਖਫਾ ਨਜ਼ਰ ਆ ਰਹੇ ਹਨ।
ਮਨਪ੍ਰੀਤ ਸਿੰਘ ਬਾਦਲ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਕੇਂਦਰ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕਾਫੀ ਨਜ਼ਦੀਕ ਮੰਨੇ ਜਾ ਰਹੇ ਹਨ ਤੇ ਉਹ ਲੰਮੇ ਸਮੇਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੀ ਲਿਸਟ ਵਿੱਚ ਸ਼ਾਮਲ ਸਨ ਪਰ ਗ੍ਰਹਿ ਮੰਤਰੀ ਇਸ ਸ਼ਮੂਲੀਅਤ ਨੂੰ ਹਰੀ ਝੰਡੀ ਨਹੀਂ ਦੇ ਰਹੇ ਸਨ।ਅਖੀਰ ਇਤਜਾਰ ਦੀਆਂ ਘੜੀਆਂ ਖਤਮ ਹੋਈਆ ਤੇ ਚੁਫੇਰਗੜੀਏ ਮਨਪ੍ਰੀਤ ਬਾਦਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਛੜੱਪਾ ਮਾਰ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।ਕੇਂਦਰੀ ਮੰਤਰੀ ਪਿਊਸ ਗੋਇਲ ਨੇ ਉਹਨਾਂ ਨੂੰ ਸ਼ਮੂਲੀਅਤ ਕਰਵਾਈ।
ਕਾਰਪੋਰੇਟ ਪੱਖੀ ਮਨਪ੍ਰੀਤ ਬਾਦਲ ਜਿਸ ਮਾਲਾ ਦਾ ਮੋਤੀ ਸੀ ਹੁਣ ਉਸ ਵਿੱਚ ਪਰੋਇਆ ਗਿਆ ਹੈ ਅਤੇ ਭਾਜਪਾ ਦੇ ਨੇਤਾ ਤਰੁਣ ਚੁੱਘ ਨੇ ਤਾਂ ਚਾਰ ਕਦਮ ਅੱਗੇ ਜਾਂਦਿਆ ਕਿਹਾ ਕਿ ਇਹ ਦਲਬਦਲੀ ਪੰਜਾਬ ਦੀ ਰਾਜਨੀਤੀ ਵਿੱਚ “ਗੇਮ ਚੇਂਜਰ” ਸਾਬਤ ਹੋਵੇਗੀ ਪਰ ਚੁੱਘ ਸਾਹਿਬ ਭਾਜਪਾ ਵਿੱਚ ਰਹਿ ਕੇ ਵੀ ਕਦੇ ਕੋਈ ਚੋਣ ਨਹੀਂ ਜਿੱਤੇ ਹਮੇਸ਼ਾਂ ਗੋਲ ਆਡਾਂ ਹੀ ਲੈ ਕੇ ਘਰ ਨੂੰ ਆਉਦੇ ਰਹੇ ਹਨ।ਚੁੱਘ ਦੁਆਰਾ ਪ੍ਰਗਟ ਕੀਤੇ ਇਹਨਾਂ ਵਿਚਾਰਾ ਨੂੰ ਬੂਰ ਪੈਦਾ ਹੈ ਜਾਂ ਨਹੀ ਇਹ ਤਾਂ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਪਰ ਸਮਾਂ ਹੀ ਦੱਸੇਗਾ ਕਿ ਪੰਜ ਵਾਰੀ ਵਿਧਾਇਕ ਤੇ ਦੋ ਵਾਰੀ ਪੰਜਾਬ ਦਾ ਵਿੱਤ ਮੰਤਰੀ ਰਹਿ ਚੁੱਕਾ ਇਹ ਦਲ ਬਦਲੂ ਸਿਆਸਤਦਾਨ ਭਾਜਪਾ ਦੀਆਂ ਕਦਰਾਂ ਕੀਮਤਾਂ ਤੇ ਖਰਾ ਉਤਰਦਾ ਹੈ ਜਾਂ ਨਹੀ।
ਪਹਿਲੀ ਵਾਰ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਬਾਦਲ ਨੂੰ ਅਲ਼ਵਿਦਾ ਕਹਿ ਕੇ ਆਪਣੀ “ ਪੰਜਾਬ ਪੀਪਲਜ਼ ਪਾਰਟੀ” ਬਣਾਈ ਸੀ ਤਾਂ ਉਸ ਵੇਲੇ ਕਈ ਲੀਡਰਾਂ ਨੇ ਤਾਂ ਇਥੋਂ ਤੱਕ ਕਿ ਆਖਿਆ ਸੀ ਕਿ ਇਸ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਧੱਕਾ ਲੱਗੇਗਾ ਅਤੇ ਅਕਾਲੀ ਸਿਆਸਤ ਵਿੱਚ ਬਦਲਾ ਆਵੇਗਾ ਪਰ ਇਸ ਦਾ ਅਸਰ ਉਲਟਾ ਹੋਇਆ ਕਿ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਪੀਪਲਜ਼ ਪਾਰਟੀ ਕਾਂਗਰਸ ਦੀ ਵੋਟ ਨੂੰ ਖੋਰਾ ਲਗਾ ਗਈ ਤੇ ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਅਕਾਲੀ ਸਰਕਾਰ ਬਣ ਗਈ।ਉਸ ਸਮੇਂ ਸਿਆਸਤ ਦੇ ਬਾਬਾ ਬੋਹੜ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜਿਹੜਾ ਵਿਅਕਤੀ ਜੜ੍ਹ ਨਾਲੋ ਟੱੁਟ ਜਾਂਦਾ ਹੈ ਤਾਂ ਉਸ ਦਾ ਹਸ਼ਰ ਅਜਿਹਾ ਹੀ ਹੁੰਦਾ ਹੈ।ਸ੍ਰ ਬਾਦਲ ਨੇ ਮਜਾਹੀਆ ਲਹਿਜ਼ੇ ਵਿੱਚ ਕਿਹਾ ਕਿ ,“ਟਰਿਪਲ ਪੀ ਦੀ ਪੀਪਣੀ ਵੱਜ ਗਈ ਹੈ।”
ਕੁਝ ਸਮੇਂ ਬਾਅਦ ਜਦੋਂ ਮਨਪ੍ਰੀਤ ਬਾਦਲ ਨੂੰ ਪੰਜਾਬ ਪੀਪਲਜ਼ ਪਾਰਟੀ ਡੁੱਬਦੀ ਨਜ਼ਰ ਆਈ ਤਾਂ ਉਸ ਨੇ ਸਿਆਸੀ ਪੰਡਤਾਂ ਦੀ ਸਲਾਹ ਨਾਲ ਕਾਂਗਰਸ ਵਿੱਚ ਛੜੱਪਾ ਮਾਰ ਦਿੱਤਾ ਤੇ 2017 ਵਿੱਚ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਉਸ ਵਿੱਚ ਵੀ ਵਿੱਤ ਮੰਤਰੀ ਬਣ ਗਏ।ਹੁਣ ਜਦੋਂ ਕਾਂਗਰਸੀ ਨੇਤਾ ਕਾਂਗਰਸ ਨੂੰ ਸਹਾਰਾ ਦੇਣ ਲਈ “ ਭਾਰਤ ਜੋੜੋ ਯਾਤਰਾ” ਕਰ ਰਹੇ ਹਨ ਤਾਂ ਮਨਪ੍ਰੀਤ ਬਾਦਲ ਨੇ ਗਦਾਰੀ ਕਰਦਿਆ ਨਾਲ ਚੱਲਣ ਦੀ ਬਜਾਏ ਭਾਜਪਾ ਦਾ ਪੱਲਾ ਫੜ ਕੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਘੋਪ ਦਿੱਤਾ।ਸਿਆਸਤ ਵਿੱਚ ਵੈਸੇ ਤਾਂ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਪਰ ਸਿਆਸੀ ਪੰਡਤਾਂ ਵੱਲੋ ਔਖੇ ਵੇਲੇ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਦਾ ਸਾਥ ਛੱਡ ਦੇਣ ਦਾ ਕਾਫੀ ਬੁਰਾ ਮਨਾਇਆ ਗਿਆ ਹੈ।ਉਹਨਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਨੂੰ ਕਾਂਗਰਸ ਵਿੱਚ ਸ਼ਮੂਲੀਅਤ ਕਰਨ ਉਪਰੰਤ ਪਾਰਟੀ ਦੀ ਟਿਕਟ ਦੇ ਕੇ ਪਹਿਲਾਂ ਵਿਧਾਇਕ ਬਣਾਇਆ ਤੇ ਫਿਰ ਟਕਸਾਲੀ ਕਾਂਗਰਸੀਆਂ ਨੂੰ ਨਾਰਾਜ਼ ਕਰਕੇ ਵੀ ਵਿੱਤ ਮੰਤਰੀ ਬਣਾਇਆ ਤੇ ਮਨਪ੍ਰੀਤ ਬਾਦਲ ਨੂੰ ਸੰਕਟ ਸਮੇਂ ਪਾਰਟੀ ਦੇ ਨਾਲ ਖਲੋਣਾ ਚਾਹੀਦਾ ਸੀ ਨਾ ਕਿ ਬੇਗਾਨਿਆਂ ਦੀ ਝੋਲ਼ੀ ਵਿੱਚ ਪੈ ਕੇ “ਗਦਾਰੀ” ਕਰਨੀ ਚਾਹੀਦੀ ਸੀ।
ਭਾਜਪਾ ਹਾਈ ਕਮਾਂਡ ਜੇਕਰ ਇਹ ਸਮਝਦੀ ਹੈ ਕਿ ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਕੋਈ ਵੱਡਾ ਬਦਲਾ ਆਵੇਗਾ ਤਾਂ ਇਹ ਸੋਚ ਉਹਨਾਂ ਮੁਬਾਰਕ ਹੋਵੇ, ਹਰ ਕਿਸੇ ਨੂੰ ਇਸ ਤਰ੍ਹਾਂ ਦੇ ਰੰਗੀਨ ਸੁਫਨੇ ਲੈਣ ਦਾ ਅਧਿਕਾਰ ਹੈ।ਜਿਹੜਾ ਆਗੂ ਜਨਤਾ ਜਨਾਰਦਨ ਨੂੰ ਸਮੱਰਪਿੱਤ ਹੋ ਕੇ ਸੇਵਾ ਕਰਦਾ ਹੈ ਉਸ ਨੂੰ ਕਦੀ ਵੀ ਦਲਬਦਲੀ ਕਰਨ ਦੀ ਲੋੜ ਨਹੀਂ ਪੈਦੀ। ਦਲਬਦਲੀ ਸਿਰਫ ਉਹੀ ਕਰਦਾ ਹੈ ਜੋ ਕੇਵਲ ਆਪਣਾ ਸਵਾਰਥ ਸਿੱਧ ਕਰਨ ਲਈ ਰਾਜਨੀਤੀ ਕਰਦਾ ਹੈ।ਮਨਪ੍ਰੀਤ ਬਾਦਲ ਨੇ ਜੇਕਰ ਅਕਾਲੀ ਦਲ ਛੱਡਿਆਂ ਤਾਂ ਉਸ ਨੂੰ ਪਤਾ ਸੀ ਕਿ ਉਸ ਦੇ ਤਾਇਆ ਜੀ ( ਸ੍ਰ ਪਰਕਾਸ਼ ਸਿੰਘ ਬਾਦਲ) ਦੇ ਹੁੰਦਿਆ ਉਸ ਦੀ ਲਾਲਸਾ ਵੱਡੀ ਕੁਰਸੀ ਤੇ ਬੈਠਣ ਦੀ ਪੂਰੀ ਨਹੀਂ ਹੋ ਸਕਦੀ।
ਮਨਪ੍ਰੀਤ ਸਿੰਘ ਬਾਦਲ ਦੇ ਸੰਦਰਭ ਨੂੰ ਜੇਕਰ ਸ਼ਿਵ ਸੈਨਾ ਆਗੂ ਬਾਲ ਠਾਕਰੇ ਦੇ ਅਤੀਤ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ ਬਾਲ ਠਾਕਰੇ ਦਾ ਭਤੀਜਾ ਰਾਜ ਠਾਕਰੇ ਮਹਿਸੂਸ ਕਰਦਾ ਸੀ ਕਿ ਬਾਲ ਠਾਕਰੇ ਦੇ ਬੇਟੇ ਊਧਵ ਠਾਕਰੇ ਦੇ ਹੁੰਦਿਆਂ ਉਹ ਕਿਸੇ ਵੀ ਸੂਰਤ ਵਿੱਚ ਪਾਰਟੀ ਵਿੱਚ ਆਪਣੀ ਰਾਜਨੀਤੀ ਦੀ ਸਰਦਾਰੀ ਕਾਇਮ ਨਹੀਂ ਕਰ ਸਕਦੇ। ਅਜਿਹੀ ਪਟਕਥਾ ਮਨਪ੍ਰੀਤ ਸਿੰਘ ਬਾਦਲ ਲਿਖਣਾ ਚਾਹੁੰਦੇ ਸਨ ਕਿਉਕਿ ਉਹਨਾਂ ਨੂੰ ਵੀ ਪਤਾ ਸੀ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆ ਉਹਨਾਂ ਦੀ ਖਾਹਿਸ਼ ਪੂਰੀ ਨਹੀਂ ਹੋ ਸਕਦੀ। ਬਾਦਲ ਆਪਣੇ ਬੇਟੇ ਸੁਖਬੀਰ ਨੂੰ ਕਿਸ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਮਨਪ੍ਰੀਤ ਬਾਦਲ ਨੂੰ ਫਰੰਟ ਲਾਈਨ ‘ਤੇ ਲਿਆ ਸਕਦੇ ਹਨ। ਇਸੇ ਕਸ਼ਮਕਸ਼ ਕਾਰਨ ਹੀ ਰਾਜ ਠਾਕਰੇ ਨੇ ਬਾਲਾ ਸਾਹਿਬ ਦਾ ਸਾਥ ਛੱਡ ਕੇ ਆਪਣੀ ਵੱਖਰੀ ਪਾਰਟੀ “ਨਵ ਨਿਰਮਾਣ ਸੈਨਾ” ਬਣਾਈ ਅਤੇ ਬਿਲਕੁਲ ਉਸੇ ਤਰ੍ਹਾਂ ਮਨਪ੍ਰੀਤ ਨੇ ਵੀ ਆਪਣੀ ਵੱਖਰੀ ਪਾਰਟੀ ਬਣਾਈ ਪਰ ਕਾਮਯਾਬੀ ਦੋਹਾਂ ਨੂੰ ਹੀ ਨਹੀਂ ਮਿਲੀ।
ਮਨਪ੍ਰੀਤ ਸਿੰਘ ਬਾਦਲ ਇੱਕ ਕਾਬਲ ਅਤੇ ਵਿਦਵਾਨ ਲੀਡਰ ਹਨ ਪਰ ਜਿਸ ਤਰ੍ਹਾਂ ਉਹ ਦੂਜਿਆਂ ਤੇ ਗ਼ਾਲਿਬ ਹੋਣਾ ਚਾਹੁੰਦੇ ਹਨ, ਉਹ ਤਰੀਕਾ ਕਾਰਗਰ ਸਿੱਧ ਨਹੀਂ ਹੋ ਸਕਦਾ ਕਿਉਕਿ ਸਿਆਸਤ ਵਿੱਚ “ਯੈਸ ਮੈਨ” ਹੋਣਾ ਬਹੁਤ ਜ਼ਰੂਰੀ ਹੈ ਅਤੇ ਮਨਪ੍ਰੀਤ ਵਿੱਚ ਅਜਿਹੀ ਅਧੀਨਗੀ ਦੀ ਭਾਵਨਾ ਨਹੀਂ ਹੈ। ਉਹ ਅੜੀਅਲ ਤੇ ਖੁਦਾਰ ਕਿਸਮ ਵਾਲਾ ਵਿਅਕਤੀ ਹੈ ਪਰ ਆਸ ਕੀਤੀ ਜਾ ਸਕਦੀ ਹੈ ਭਾਜਪਾ ਵਿੱਚ ਜਾਣ ਉਪਰੰਤ ਇਹ ਉਹਨਾਂ ਦਾ ਆਖਰੀ ਪੜਾਅ ਹੋਵੇ।ਮਨਪ੍ਰੀਤ ਸਿੰਘ ਬਾਦਲ ਤੋਂ ਪਹਿਲਾਂ ਕੈਪਟਨ ਅਮਰਿੰਦਰ , ਸੁਨੀਲ ਜਾਖੜ ਅਤੇ ਹੋਰ ਕਈ ਦਿੱਗਜ਼ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਪੰਜਾਬ ਵਿੱਚ ਭਾਜਪਾ ਦਾ “ਕਾਂਗਰਸੀਕਰਨ” ਹੋ ਚੁੱਕਾ ਹੈ।ਹੁਣ ਵੇਖਣਾ ਹੋਵੇਗਾ ਕਿ ਕੀ ਭਾਜਪਾ ਇਹਨਾਂ ਨਕਾਰੇ ਹੋਏ ਲੀਡਰਾਂ ਦੀ ਫੌਜ ਸਹਾਰੇ ਪੰਜਾਬ ਸਰ ਸਕੇਗੀ ਜਾਂ ਨਹੀ ਇਹ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ। ਜਸਬੀਰ ਸਿੰਘ ਪੱਟੀ 9356024684