PunjabReligious

ਸ਼੍ਰੋਮਣੀ ਕਮੇਟੀ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਲਈ ਰਹੀ ਨਾਕਾਮ

ਸ਼੍ਰੋਮਣੀ ਕਮੇਟੀ ਹੁਣ ਤਕ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਆਦਿ ਬਾਰੇ ਨਿਯਮ ਤਿਆਰ ਕਰਨ ਵਿੱਚ ਅਸਫ਼ਲ ਰਹੀ ਹੈ। ਇਹ ਨਿਯਮ ਤਿਆਰ ਕਰਨ ਦੀ ਮੰਗ ਮੁੜ ਉੱਭਰੀ ਹੈ। ਇਸ ਵਾਰ ਇਹ ਮੰਗ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਇਹ ਮੁੱਦਾ ਸ੍ਰੀ ਅਕਾਲ ਤਖ਼ਤ ਵਿਖੇ ਇਕ ਸਮਾਗਮ ਦੌਰਾਨ ਉਭਾਰਿਆ ਅਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਹਾਜ਼ਰ ਸਨ। ਉਨ੍ਹਾਂ ਐਡਵੋਕੇਟ ਧਾਮੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਤੱਕ ਇਹ ਨਿਯਮ ਕਿਉਂ ਨਹੀਂ ਬਣਾ ਸਕੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਲਈ ਨਿਯਮ ਹੋਣੇ ਚਾਹੀਦੇ ਹਨ। ਉਂਜ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਆਪਣੇ ਪੱਧਰ ‘ਤੇ ਸਿੱਖ ਵਿਦਵਾਨਾਂ ਦੀ ਰਾਏ ਨਾਲ ਤਖ਼ਤਾਂ ਦੇ ਜਥੇਦਾਰਾਂ ਦੀ ਸੇਵਾ ਲਈ ਨਿਯਮਾਂ ਦਾ ਇਕ ਖਰੜਾ ਤਿਆਰ ਕੀਤਾ ਸੀ ਜੋ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਅਗਾਂਹ ਕੋਈ ਕਾਰਵਾਈ ਨਹੀਂ ਹੋਈ। ਜਥੇਦਾਰਾਂ ਦੀ ਨਿਯੁਕਤੀ ਅਤੇ ਹੋਰ ਅਧਿਕਾਰਾਂ ਆਦਿ ਬਾਰੇ ਕੋਈ ਨਿਯਮ ਨਾ ਹੋਣ ਕਾਰਨ ਕਈ ਵਾਰ ਤਖ਼ਤਾਂ ਦੇ ਜਥੇਦਾਰਾਂ ਨੂੰ ਗੈਰਜਮਹੂਰੀ ਤਰੀਕੇ ਨਾਲ ਹਟਾਇਆ ਗਿਆ ਹੈ। ਹਾਲ ਹੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 1999 ਵਿਚ ਭਾਈ ਰਣਜੀਤ ਸਿੰਘ, 2000 ਵਿੱਚ ਗਿਆਨੀ ਪੂਰਨ ਸਿੰਘ, 2008 ਵਿਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, 2015 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ 2017 ਵਿੱਚ ਇਸੇ ਤਖ਼ਤ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਗੈਰਜਮਹੂਰੀ ਤਰੀਕੇ ਨਾਲ ਹਟਾਇਆ ਗਿਆ ਸੀ।

Leave a Reply

Your email address will not be published. Required fields are marked *

Back to top button