
ਅਕਸਰ ਸੁਰਖੀਆਂ ‘ਚ ਬਣੀ ਰਹਿਣ ਵਾਲੀ ਪੰਜਾਬ ਪੁਲਿਸ ਦੀ ਇੱਕ ਵੀਡੀਓ ਹਾਲ ਹੀ ਵਿੱਚ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਂਸਟੇਬਲ ਮਹਿਲਾ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਇਆ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਗਈ ਸੀ ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ ਜਾ ਰਹੀਆਂ ਸਨ।
ਇਸੇ ਮਾਮਲੇ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਿਸ ਪੁਲਿਸ ਮੁਲਾਜ਼ਮ ਨੇ ਮਹਿਲਾ ਨੂੰ ਥੱਪੜ ਮਾਰਿਆ ਸੀ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਥੱਪੜ ਮਾਮਲੇ ‘ਚ ਬਟਾਲਾ ਪੁਲਿਸ ਨੇ ਪਹਿਲਾਂ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜਿਰ ਕੀਤਾ ਸੀ ਤੇ ਹੁਣ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇੱਥੇ ਹੋਇਆ ਕੀ ਸੀ?
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗੁਰਦਾਸਪੁਰ ਦੇ ਪਿੰਡ ਭਾਮੜੀ ਦੀ ਹੈ। ਇੱਥੇ ਪੁਲਿਸ ਦੀ ਟੀਮ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕੁਆਇਰ ਕਰਨ ਆਈ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਪੁਲਿਸ ਦੇ ਨਾਲ ਉੱਥੇ ਮੌਜੂਦ ਸੀ।
ਹਾਲਾਂਕਿ ਜ਼ਮੀਨ ਐਕੁਆਇਰ ਦੌਰਾਨ ਪ੍ਰਸ਼ਾਸਨ ਦੀਆਂ ਟੀਮਾਂ ਤੇ ਕਿਸਾਨਾਂ ਵਿਚਕਾਰ ਤਕਰਾਰ ਹੋ ਗਈ ਅਤੇ ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੀ ਕਿਸਾਨ ਔਰਤ ਨੇ ਵੀ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮ ਵੱਲੋਂ ਔਰਤ ਨੂੰ ਥੱਪੜ ਮਾਰ ਦਿੱਤਾ ਗਿਆ। ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਤੇ ਇਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ।
ਲੋਕਾਂ ਨੇ ਦਿੱਤੀ ਚੇਤਾਵਨੀ!
ਪੁਲਿਸ ਮੁਲਾਜ਼ਮਾਂ ‘ਤੇ ਕਿਸਾਨ ਆਗੂਆਂ ਦੇ ਵਿਚਕਾਰ ਹੋਈ ਝੜਪ ਦੌਰਾਨ ਉਨ੍ਹਾਂ ਦੀਆਂ ਪੱਗਾਂ ਲਾਹੁਣ ਦੇ ਦੋਸ਼ ਵੀ ਲਗਾਏ ਗਏ ਅਤੇ ਸੂਬੇ ਦੇ ਕਈ ਇਲਾਕਿਆਂ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇਸ ਦੌਰਾਨ ਲੋਕਾਂ ਵੱਲੋਂ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਸੀ।